ਬਾਰ੍ਹਾਂ ਮਿਸਲਾਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਾਰ੍ਹਾਂ ਮਿਸਲਾਂ: ਇਸ ਤੋਂ ਭਾਵ ਹੈ ਸਿੱਖਾਂ ਦੇ ਬਾਰ੍ਹਾਂ ਦਲ ਜਾਂ ਜੱਥੇ ਜਿਨ੍ਹਾਂ ਨੇ ਪੰਜਾਬ ਵਿਚ ਵਖ ਵਖ ਇਲਾਕੇ ਮਲੇ ਹੋਏ ਸਨ। ਬੰਦਾ ਬਹਾਦਰ ਦੀ ਮ੍ਰਿਤੂ ਤੋਂ ਬਾਦ ਜਦੋਂ ਮੁਗ਼ਲ ਬਾਦਸ਼ਾਹ ਫੱਰੁਖ਼ਸੀਅਰ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਮੁਹਿੰਮ ਚਲਾਈ ਤਾਂ ਜੁਝਾਰੂ ਸਿੰਘਾਂ ਨੇ ਆਪਣੇ ਆਪ ਨੂੰ ਬੁੱਢਾ ਦਲ ਅਤੇ ਤਰੁਣਾ ਦਲ ਵਿਚ ਵੰਡ ਲਿਆ। ਅਹਿਮਦਸ਼ਾਹ ਦੁਰਾਨੀ ਦੇ ਹਮਲੇ ਤੋਂ ਬਾਦ ਸਿੱਖ-ਯੁੱਧਵੀਰਾਂ ਨੂੰ ਸੰਗਠਿਤ ਹੋਣ ਦਾ ਪੂਰਾ ਮੌਕਾ ਮਿਲਿਆ ਅਤੇ ਇਨ੍ਹਾਂ ਦੋਹਾਂ ਦਲਾਂ ਵਿਚ ਕਾਫ਼ੀ ਵਿਸਤਾਰ ਹੋਇਆ। ਇਨ੍ਹਾਂ ਦੇ ਅਗੋਂ ਮੁੱਖ ਤੌਰ ’ਤੇ ਬਾਰ੍ਹਾਂ ਉਪ-ਦਲ ਬਣ ਗਏ, ਜਿਵੇਂ—(1) ਭੰਗੀ , (2) ਆਹਲੂਵਾਲੀਆ, (3) ਰਾਮਗੜ੍ਹੀਆ, (4) ਨਕੈਈ, (5) ਕਨ੍ਹੀਆ, (6) ਡਲੇਵਾਲੀਆ, (7) ਨਿਸ਼ਾਨਵਾਲੀਆ, (8) ਸਿੰਘਪੁਰੀਆ, (9) ਕਰੋੜ ਸਿੰਘੀਆ (ਕਰੋੜੀਆ), (10) ਸ਼ਹੀਦ , (11) ਫੂਲਕੀਆਂ ਅਤੇ (12) ਸੁਕਰਚਕੀਆ। ਕਹਿੰਦੇ ਹਨ ਕਿ ਇਨ੍ਹਾਂ ਜੱਥਿਆਂ ਨੂੰ ‘ਮਿਸਲਾਂ ’ ਇਸ ਲਈ ਕਿਹਾ ਜਾਣ ਲਗਿਆ ਕਿਉਂਕਿ ਇਨ੍ਹਾਂ ਦੇ ਕਾਗ਼ਜ-ਪੱਤਰ ਜਾਂ ਵੇਰਵਿਆਂ ਦੀਆਂ ਮਿਸਲਾਂ ਅਕਾਲ- ਤਖ਼ਤ ਅਤੇ ਬੁੰਗਿਆਂ ਆਦਿ ਵਿਚ ਵਖ ਵਖ ਕਰਕੇ ਸੰਭਾਲੀਆਂ ਜਾਂਦੀਆਂ ਸਨ।

ਇਨ੍ਹਾਂ ਸਾਰੀਆਂ ਮਿਸਲਾਂ ਦੇ ਸਮੁੱਚ ਨੂੰ ‘ਦਲ- ਖ਼ਾਲਸਾ ’ ਕਿਹਾ ਜਾਂਦਾ ਸੀ। ਅੰਮ੍ਰਿਤਸਰ ਵਿਚ ਸਾਲ ਵਿਚ ਦੋ ਵਾਰ ਵਿਸਾਖੀ ਅਤੇ ਦੀਵਾਲੀ ਦੇ ਮੌਕਿਆਂ’ਤੇ ਦਲ- ਖ਼ਾਲਸਾ ਇਕੱਠਾ ਹੁੰਦਾ। ਉਸ ਵਿਚ ਸਾਰੀਆਂ ਮਿਸਲਾਂ ਦੀਆਂ ਸਮਸਿਆਵਾਂ ਨੂੰ ਵਿਚਾਰਿਆ ਜਾਂਦਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗੁਰਮਤੇ ਪਾਸ ਕੀਤੇ ਜਾਂਦੇ ਜੋ ਹਰ ਇਕ’ਤੇ ਸਮਾਨ ਰੂਪ ਵਿਚ ਲਾਗੂ ਹੁੰਦੇ। ਹਰ ਇਕ ਮਿਸਲ ਵਿਚ ਜੱਥੇਦਾਰ , ਪੱਟੀਦਾਰ , ਸਹਾਇਕ ਅਤੇ ਤਾਬੇਦਾਰਾਂ ਤੋਂ ਇਲਾਵਾ ਤਿਖੇ ਅਤੇ ਪ੍ਰਬੀਨ ਸੈਨਿਕ ਰਖੇ ਜਾਂਦੇ। ਜਿਤ ਸਮੇਂ ਜਾਂ ਲੁਟ ਵੇਲੇ ਪ੍ਰਾਪਤ ਹੋਈਆਂ ਵਸਤੂਆਂ ਦੀ ਇਕ ਵਿਸ਼ੇਸ਼ ਦਸਤੂਰ ਨਾਲ ਵੰਡ ਕੀਤੀ ਜਾਂਦੀ। ਮਿਸਲ ਵਿਚ ਸ਼ਾਮਲ ਹੋਣ ਲਈ ਯੋਗਤਾ ਦਾ ਆਧਾਰ ਘੋੜ-ਸਵਾਰੀ ਵਿਚ ਨਿਪੁਣਤਾ, ਅਸਤ੍ਰ-ਸ਼ਸਤ੍ਰ ਦੀ ਵਰਤੋਂ ਵਿਚ ਕੁਸ਼ਲਤਾ ਅਤੇ ਪੰਥ ਲਈ ਮਰ ਮਿਟਣ ਦੀ ਪ੍ਰਬਲ ਇੱਛਾ ਹੁੰਦੀ ਸੀ। ਇਨ੍ਹਾਂ ਮਿਸਲਾਂ ਵਿਚੋਂ ਹੀ ਸੁਕਰਚਕੀਆ ਦੇ ਸਰਦਾਰ ਚੜ੍ਹਤ ਸਿੰਘ ਦੇ ਪੋਤੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿਚ ਸਿੱਖ ਰਾਜ ਸਥਾਪਿਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.